ਸਰੀ,ਬੀ.ਸੀ.- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਲੰਘੀ ਦੇਰ ਰਾਤ ਤੱਕ ਹੋਈ ਵੋਟਾਂ ਦੀ ਗਿਣਤੀ ਤੋਂ ਬਾਅਦ ਸੱਤਾ ਦਾ ਪੇਚ ਸੂਬੇ ਦੀਆਂ ਦੋ ਵੱਡੀਆਂ ਸਿਆਸੀ ਪਾਰਟੀਆਂ ਦਰਮਿਆਨ ਫਸ ਗਿਆ। ਮੁੱਢਲੇ ਚੋਣ ਨਤੀਜਿਆਂ ਮੁਤਾਬਕ ਬੀ.ਸੀ. ਨਿਊ ਡੈਮੋਕ੍ਰੇਟਿਕ ਪਾਰਟੀ 46 ਸੀਟਾਂ ਹਾਸਲ ਕਰਕੇ ਮਹਿਜ਼ ਇੱਕ ਸੀਟ ਦੇ ਫ਼ਰਕ ਨਾਲ ਦੁਬਾਰਾ ਸੱਤਾ ਹਾਸਲ ਕਰਨ ਤੋਂ ਖੁੰਝ ਗਈ ।
93 ਸੀਟਾਂ ਵਾਲੀ ਵਿਕਟੋਰੀਆ ਵਿਧਾਨ ਸਭਾ ਵਿੱਚ ਸਪੱਸ਼ਟ ਬਹੁਮਤ ਹਾਸਲ ਕਰਨ ਲਈ 47 ਸੀਟਾਂ ਦੀ ਲੋੜ ਹੈ। ਬੀ.ਸੀ. ਕੰਜ਼ਰਵੇਟਿਵ ਪਾਰਟੀ 45 ਸੀਟਾਂ ਲੈ ਕੇ ਸੂਬੇ ਵਿੱਚ ਪਹਿਲੀ ਵਾਰ ਇੱਕ ਵੱਡੀ ਪਾਰਟੀ ਵਜੋਂ ਉੱਭਰੀ ਹੈ, ਪਰੰਤੂ ਉਹ ਵੀ ਦੋ ਸੀਟਾਂ ਦੇ ਫ਼ਰਕ ਨਾਲ ਸੰਤਾਲੀ ਦੇ ਜਾਦੂਈ ਅੰਕੜੇ ਤੋਂ ਥੋੜਾ ਦੂਰ ਰਹਿ ਗਈ। ਦੂਜੇ ਪਾਸੇ ਵਾਤਾਵਰਣ ਤਬਦੀਲੀਆਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਫ਼ਿਕਰਮੰਦੀ ਪ੍ਰਗਟਾਉਣ ਵਾਲੀ ਬੀ.ਸੀ. ਗਰੀਨ ਪਾਰਟੀ ਦੋ ਸੀਟਾਂ ਹਾਸਲ ਕਰਕੇ ਵੀ ‘ਕਿੰਗ ਮੇਕਰ’ ਦੀ ਭੂਮਿਕਾ ਨਿਭਾਉਣ ਦੇ ਸਮਰੱਥ ਹੋ ਗਈ !
ਸੂਬੇ ਵਿੱਚ ਕੋਈ ਵੀ ਆਜ਼ਾਦ ਉਮੀਦਵਾਰ ਨਹੀਂ ਜਿੱਤ ਸਕਿਆ। ਬੀ.ਸੀ.ਐੱਨ.ਡੀ.ਪੀ. ਦੇ ਆਗੂ ਡੇਵਿਡ ਈਬੀ ਅਤੇ ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੌਹਨ ਰਸਟਡ ਆਪੋ ਆਪਣੀਆਂ ਸੀਟਾਂ ਜਿੱਤ ਗਏ ਪਰੰਤੂ ਗਰੀਨ ਪਾਰਟੀ ਦੀ ਆਗੂ ਸੋਨੀਆ ਫਰਸਟਨੋ ਆਪਣੀ ਸੀਟ ਹਾਰ ਗਈ। ਇਸ ਵਾਰ ਉਨ੍ਹਾਂ ਸੀਟ ਬਦਲ ਕੇ ਚੋਣ ਲੜੀ ਸੀ। ਸੋਨੀਆ ਵੱਲੋਂ ਆਪਣੀ ਸੀਟ ਹਾਰ ਜਾਣ ਦੇ ਬਾਵਜੂਦ ਸਰਕਾਰ ਬਣਾਉਣ ਲਈ ਸੱਤਾ ਦੀ ਚਾਬੀ ਫ਼ਿਲਹਾਲ ਉਨ੍ਹਾਂ ਦੀ ਗਰੀਨ ਪਾਰਟੀ ਕੋਲ ਪਈ ਪ੍ਰਤੀਤ ਹੋ ਰਹੀ ਹੈ ।
ਬੀ.ਸੀ. ਵਿੱਚ ਵੋਟਾਂ ਵਾਲੇ ਦਿਨ ਭਾਰੀ ਮੀਂਹ ਪੈਂਦਾ ਹੋਣ ਦੇ ਬਾਵਜੂਦ 19 ਅਕਤੂਬਰ ਦੀ ਸ਼ਾਮ ਦੇ 8 ਵਜੇ ਤੱਕ 57 ਫ਼ੀਸਦੀ ਤੋਂ ਵਧੇਰੇ ਮਤਦਾਨ ਹੋਇਆ। ਖ਼ਬਰ ਲਿਖੇ ਜਾਣ ਤੱਕ 99 ਫ਼ੀਸਦੀ ਤੋਂ ਵਧੇਰੇ ਬੈਲਟ ਬਾਕਸ ਖ਼ੋਲ੍ਹ ਕੇ ਗਿਣੇ ਜਾ ਚੁੱਕੇ ਸਨ। ਦੇਰ ਰਾਤ ਤੱਕ ਸਰੀ- ਨਿਊਟਨ ਹਲਕੇ ਵਿੱਚ ਸਾਰੀਆਂ ਵੋਟਾਂ ਦੀ ਗਿਣਤੀ ਮੁਕੰਮਲ ਨਹੀਂ ਹੋ ਸਕੀ ਸੀ ਪਰੰਤੂ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਤੇਗਜੋਤ ਬੱਲ ਪਛੜ ਰਹੇ ਸਨ।
ਪੰਜਾਬੀ ਮੂਲ ਦੇ ਹੋਰਨਾਂ ਉਮੀਦਵਾਰਾਂ ਵਿੱਚੋਂ ਐੱਨ.ਡੀ.ਪੀ. ਦੇ ਜਗਰੂਪ ਬਰਾੜ ਕੰਜ਼ਰਵੇਟਿਵ ਦੇ ਅਵਤਾਰ ਗਿੱਲ ਨੂੰ ਹਰਾ ਕੇ ਚੋਣ ਜਿੱਤ ਗਏ। ਪਿਛਲੀ ਸਰਕਾਰ ਵਿੱਚ ਰਾਜ ਟਰੇਡ ਮੰਤਰੀ ਰਹੇ ਜਗਰੂਪ ਬਰਾੜ ਛੇਂਵੀ ਵਾਰ ਵਿਧਾਇਕ ਬਣੇ ਹਨ।
ਬੀ.ਸੀ.ਦੀ ਪਹਿਲੀ ਪੰਜਾਬਣ ਸਿੱਖਿਆ ਮੰਤਰੀ ਬਣ ਕੇ ਨਾਮਣਾ ਖੱਟਣ ਵਾਲੀ ਐਨ.ਡੀ.ਪੀ. ਉਮੀਦਵਾਰ ਰਚਨਾ ਸਿੰਘ ਨੂਂ ਇਸ ਵਾਰ ਕਬੱਡੀ ਖਿਡਾਰੀ ਅਤੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਮਨਦੀਪ ਧਾਲੀਵਾਲ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਮੈਟਰੋ ਵੈਨਕੂਵਰ ਇਲਾਕੇ ਵਿੱਚੋਂ ਸਰੀ ਤੋਂ ਐਨ.ਡੀ.ਪੀ. ਦੇ ਦਿੱਗਜ ਉਮੀਦਵਾਰ ਸਮਝੇ ਜਾਂਦੇ ਬਲਤੇਜ ਢਿੱਲੋਂ ਅਤੇ ਜਿੰਨੀ ਸਿਮਜ਼ ਵੀ ਆਪੋ ਆਪਣੇ ਹਲਕਿਆਂ ਤੋਂ ਜਿੱਤ ਪਾਰਟੀ ਦੀ ਝੋਲੀ ਨਾ ਪਾ ਸਕੇ, ਪਰੰਤੂ ਬਰਨਬੀ ਤੋਂ ਪਾਰਟੀ ਦੇ ਪੁਰਾਣੇ ਘੁਲਾਟੀਏ ਰਾਜ ਚੌਹਾਨ, ਡੈਲਟਾ ਤੋਂ ਰਵੀ ਕਾਹਲੋਂ ਅਤੇ ਵੈਨਕੂਵਰ ਤੋਂ ਨਿੱਕੀ ਸ਼ਰਮਾਂ ਵੱਡੇ ਫ਼ਰਕ ਨਾਲ ਜੇਤੂ ਰਹੇ।