ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੂੰ ਆਖ਼ਰ ਆਪਣਾ ਅਹੁਦਾ ਛੱਡਣਾ ਪੈ ਗਿਆ ਹੈ। ਮੁੱਖ ਮੰਤਰੀ ਦਫ਼ਤਰ ਦੇ ਪ੍ਰਮਾਣਿਕ ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਗਵੰਤ ਮਾਨ ਦੇ ਦੋ ਨਜ਼ਦੀਕੀ ਸਹਿਯੋਗੀ — ਡਾਇਰੈਕਟਰ, ਮੀਡੀਆ ਰਿਲੇਸ਼ਨਜ਼ (ਵਿਦੇਸ਼), ਬਲਤੇਜ ਪੰਨੂ ਅਤੇ ਡਾਇਰੈਕਟਰ, ਸੋਸ਼ਲ ਮੀਡੀਆ, ਮਨਪ੍ਰੀਤ ਕੌਰ ਨੇ ਅਸਤੀਫਾ ਦੇ ਦਿੱਤਾ ਹੈ। ਬਲਤੇਜ ਪੰਨੂ, ਜੋ ਕਿ ਕੈਨੇਡਾ ਦੇ ਨਾਗਰਿਕ ਹਨ, ਦੀ ਨਿਯੁਕਤੀ ਜੁਲਾਈ 2022 ਵਿੱਚ ਵਿਆਪਕ ਚਰਚਾ ਦਾ ਵਿਸ਼ਾ ਬਣੀ ਸੀ। ਪੰਨੂ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਜ਼ਦੀਕ ਸਮਝਿਆ ਜਾਂਦਾ ਸੀ।
ਪੰਨੂ ਦੇ ਅਸਤੀਫ਼ੇ ਨੂੰ ਲੈ ਕੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੇਸ਼ੀਨਗੋਈ ਕੀਤੀ ਸੀ, ਹੁਣ ਅਜਿਹਾ ਵਾਪਰ ਜਾਣ ‘ਤੇ ਉਨ੍ਹਾਂ ਕਿਹਾ, “ਦਾਸ ਨੇ ਕੁਝ ਦਿਨ ਪਹਿਲਾਂ 5 ਅਕਤੂਬਰ ਨੂੰ ਹੀ ਕਹਿ ਦਿੱਤਾ ਸੀ ਕਿ ਬਲਤੇਜ ਪੰਨੂ ਦਾ ਅਸਤੀਫਾ ਲੈ ਲਿਆ ਜਾਵੇਗਾ।
“ਰਾਜਬੀਰ ਤੇ ਦੂਜਿਆਂ ਦੀ ਛੁੱਟੀ ਤੈਅ ਹੈ।” ਮਜੀਠੀਆ ਨੇ ਦਾਅਵਾ ਕੀਤਾ ਹੈ ਕਿ “ਮੁੱਖ ਮੰਤਰੀ ਦੇ ਸਲਾਹਕਾਰ ਅਤੇ OSD ਕਨੇਡੀਅਨ ਸਿਟੀਜ਼ਨ ਹਨ ਅਤੇ ਉਹਨਾਂ ਦੇ ਪਰਿਵਾਰ ਵੀ ਉਥੇ ਰਹਿ ਰਹੇ ਹਨ।”
ਬਲਤੇਜ ਪੰਨੂ ਨੇ ਅਸਤੀਫ਼ਾ ਦੇਣ ਤੋਂ ਪਹਿਲਾਂ ਆਪਣੇ ਸ਼ੋਸ਼ਲ ਮੀਡੀਆ ਪੇਜ਼ ‘ਤੇ ਲਿਖਿਆ, “ਐਵੇਂ ਨਾ ਅਟਕਲਾਂ ਮਾਰੀ ਜਾਓ ਅਸੀਂ ਕੋਈ ਚਿੱਟੇ ਦੇ ਵਿਉਪਾਰੀ ਨਹੀਂ ਜੋ ਕਿਤੇ ਭੱਜ ਚੱਲੇ ਹਾਂ ਅਸੀਂ ਪਿੱਠ ਵਿਖਾਉਣ ਵਾਲਿਆਂ ਵਿੱਚੋਂ ਨਹੀਂ ਬਲਕਿ ਹਿੱਕ ਵਿਚ ਵੱਜਣ ਵਾਲਿਆਂ ਵਿੱਚੋਂ ਹਾਂ।
ਅਸੀਂ ਯਾਰੀਆਂ ਪੁਗਾਉਣ ਵਾਲੇ ਹਾਂ ਯਾਰ ਮਾਰ ਕਰਨ ਵਾਲੇ ਨਹੀਂ ।”
ਬਲਤੇਜ ਪੰਨੂ ਅਤੇ ਮਨਪ੍ਰੀਤ ਕੌਰ ਦੇ ਅਸਤੀਫ਼ਾ ਦੇਣ ਮਗਰੋਂ ਮੁੱਖ ਮੰਤਰੀ ਦੇ ਕਰੀਬੀ ਸਹਿਯੋਗੀਆਂ ਵਜੋਂ ਕੁਰਸੀ ਖਾਲੀ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ ਚਾਰ ਹੋ ਗਈ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਓ.ਐੱਸ.ਡੀ. ਓੰਕਾਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਜਦਕਿ ਕਮਿਊਨਿਕੇਸ਼ਨ ਡਾਇਰੈਕਟਰ ਨਵਨੀਤ ਵਧਵਾ ਨੇ ਮੁੱਖ ਮੰਤਰੀ ਦਫ਼ਤਰ ਵਿੱਚ ਆਪਣਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ।